*“ਸਾਡੇ ਬਜ਼ੁਰਗ ਸਾਡਾ ਮਾਣ” ਤਹਿਤ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਸਰਕਾਰ ਦੀ ਵੱਡੀ ਪਹਿਲ*
*ਮੁਫ਼ਤ ਸਿਹਤ ਸੇਵਾਵਾਂ ਅਤੇ ਸਹਾਇਕ ਉਪਕਰਣਾਂ ਨਾਲ ਹਜ਼ਾਰਾਂ ਬਜ਼ੁਰਗ ਨਾਗਰਿਕਾਂ ਨੂੰ ਮਿਲਿਆ ਲਾਭ*
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਲਗਾਏ ਗਏ ਸੂਬਾ ਪੱਧਰੀ ਸਿਹਤ ਚੈਕ-ਅੱਪ ਕੈਂਪਾਂ ਦੌਰਾਨ ਕਰੀਬ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਆਪਣਾ ਅਨਮੋਲ ਸਰਮਾਇਆ ਮੰਨਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਨਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।
ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਬਜ਼ੁਰਗ ਸਾਡੇ ਪਰਿਵਾਰਾਂ ਅਤੇ ਸਮਾਜ ਦੀ ਮਜ਼ਬੂਤ ਨੀਂਹ ਹਨ, ਜਿਨ੍ਹਾਂ ਦੇ ਤਜਰਬੇ ਭਵਿੱਖੀ ਪੀੜ੍ਹੀਆਂ ਲਈ ਰਾਹ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅਤੇ ਸਮਾਜ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਬਜ਼ੁਰਗਾਂ ਨੂੰ ਇਜ਼ਤ, ਦੇਖਭਾਲ ਅਤੇ ਆਪਣੇਪਣ ਨਾਲ ਜੀਵਨ ਬਤੀਤ ਕਰਨ ਲਈ ਉਚਿਤ ਮਾਹੌਲ ਪ੍ਰਦਾਨ ਕੀਤਾ ਜਾਵੇ। “ਅਜਿਹੀਆਂ ਪਹਿਲਕਦਮੀਆਂ ਰਾਹੀਂ ਅਸੀਂ ਬਜ਼ੁਰਗਾਂ ਦੇ ਨਾਲ ਹਰ ਪੜਾਅ ‘ਤੇ ਖੜ੍ਹੇ ਰਹਿਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ,” ਉਨ੍ਹਾਂ ਨੇ ਕਿਹਾ।
ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਸਿਹਤ ਕੈਂਪਾਂ ਵਿੱਚ ਅੱਖਾਂ ਦੀ ਜਾਂਚ, ਕੈਂਸਰ ਸਕਰੀਨਿੰਗ, ਐਨ.ਸੀ.ਡੀ. ਸਕਰੀਨਿੰਗ, ਆਰਥੋਪੈਡਿਕ ਜਾਂਚ, ਈ.ਐਨ.ਟੀ. ਚੈਕ-ਅੱਪ, ਫਿਜ਼ੀਓਥਰੈਪੀ ਅਤੇ ਮਾਹਿਰਾਂ ਵੱਲੋਂ ਮਨੋਵਿਗਿਆਨਕ ਮੁਲਾਂਕਣ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੋਤੀਆਬਿੰਦ ਸਰਜਰੀ ਲਈ 1756 ਰਜਿਸਟ੍ਰੇਸ਼ਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 539 ਸਰਜਰੀਆਂ ਸਫਲਤਾਪੂਰਵਕ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 1274 ਕੈਂਸਰ ਸਕਰੀਨਿੰਗ, 4863 ਆਰਥੋਪੈਡਿਕ ਚੈਕ-ਅੱਪ, 6339 ਐਨ.ਸੀ.ਡੀ. ਸਕਰੀਨਿੰਗ, 9015 ਅੱਖਾਂ ਦੀ ਜਾਂਚ, 2593 ਈ.ਐਨ.ਟੀ. ਚੈਕ-ਅੱਪ ਅਤੇ 1621 ਫਿਜ਼ੀਓਥਰੈਪੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਉਨ੍ਹਾਂ ਕਿਹਾ ਕਿ ALIMCO ਰਾਹੀਂ 418 ਲਾਭਪਾਤਰੀਆਂ ਦੀ ਪਛਾਣ ਕਰਕੇ ਸਹਾਇਕ ਉਪਕਰਣ ਮੁਹੱਈਆ ਕਰਵਾਏ ਗਏ ਅਤੇ 3014 ਵਿਜ਼ਨ ਗਲਾਸਜ਼ ਵੀ ਵੰਡੇ ਗਏ ਹਨ।
ਡਾ. ਬਲਜੀਤ ਕੌਰ ਨੇ ਦੁਹਰਾਇਆ ਕਿ ਵਿਭਾਗ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰਹਿਣਗੀਆਂ।
Around-37-000-Elderly-Citizens-Registered-At-State-level-Health-Check-up-Camps-Dr-Baljit-Kaur
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)