August 22, 2026 19:12:30

ਪੰਜਾਬ ਸਰਕਾਰ ਵੱਲੋਂ ਐਸ.ਟੀ.ਪੀ.ਆਈ. ਨਾਲ ਸਮਝੌਤਾ ਸਹੀਬੱਧ; ਮੋਹਾਲੀ ਵਿਖੇ 29 ਕਰੋੜ ਰੁਪਏ ਨਾਲ ਸਥਾਪਤ ਕੀਤਾ ਜਾਵੇਗਾ "ਨਿਊਰੋਨ 2.0" ਇਨਕਿਊਬੇਸ਼ਨ ਸੈਂਟਰ

Aug19,2026 | Meenu Galhotra | Chandigarh


•*ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ-ਅਧਾਰਤ ਸਟਾਰਟਅੱਪਸ 'ਤੇ ਧਿਆਨ ਕੇਂਦਰਤ ਕਰੇਗਾ: ਅਮਨ ਅਰੋੜਾ*

•*ਇਹ ਹੱਬ 50 ਸਟਾਰਟਅੱਪਸ ਨੂੰ ਤਿਆਰ ਕਰਨ ਦੇ ਨਾਲ 2,000 ਪੇਸ਼ੇਵਰਾਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਦੇਵੇਗਾ ਸਿਖਲਾਈ: ਅਮਨ ਅਰੋੜਾ*


ਪੰਜਾਬ ਨੂੰ ਤਕਨਾਲੋਜੀ-ਅਧਾਰਤ ਉੱਦਮਤਾ ਦੇ ਕੌਮੀ ਧੁਰੇ ਵਜੋਂ ਉਭਾਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ 29 ਕਰੋੜ ਰੁਪਏ ਦੇ ਨਿਵੇਸ਼ ਨਾਲ ਐਸ.ਟੀ.ਪੀ.ਆਈ. ਮੋਹਾਲੀ ਵਿਖੇ "ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0" ਸਥਾਪਤ ਕਰਨ ਲਈ ਸਾਫਟਵੇਅਰ ਤਕਨਾਲੋਜੀ ਪਾਰਕਸ ਆਫ਼ ਇੰਡੀਆ (ਐਸਟੀਪੀਆਈ) ਨਾਲ ਇੱਕ ਅਹਿਮ ਸਮਝੌਤਾ ਸਹੀਬੱਧ ਕੀਤਾ ਹੈ। ਇਹ ਇਨਕਿਊਬੇਸ਼ਨ ਸੈਂਟਰ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਸਾਈਬਰ ਸੁਰੱਖਿਆ ਅਤੇ ਉੱਨਤ ਤਕਨਾਲੋਜੀ ਅਧਾਰਤ ਸਟਾਰਟਅੱਪਸ 'ਤੇ ਧਿਆਨ ਕੇਂਦਰਿਤ ਕਰੇਗਾ।
ਇੱਥੇ ਉਦਯੋਗ ਭਵਨ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਇਹ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਮਝੌਤੇ 'ਤੇ ਡਾਇਰੈਕਟਰ ਉਦਯੋਗ ਅਤੇ ਵਣਜ-ਕਮ-ਪੰਜਾਬ ਸਟਾਰਟਅੱਪ ਨੋਡਲ ਅਫ਼ਸਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਸਟੀਪੀਆਈ ਦੇ ਡਾਇਰੈਕਟਰ ਸ੍ਰੀ ਸ਼ੈਲੇਂਦਰ ਕੇ ਤਿਆਗੀ ਨੇ ਦਸਤਖ਼ਤ ਕੀਤੇ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਨਵੀਂ ਸਹੂਲਤ 'ਨਿਊਰੋਨ 1.0' ਦੀ ਸਫ਼ਲਤਾ 'ਤੇ ਅਧਾਰਿਤ ਹੈ, ਜਿਸ ਤਹਿਤ 114 ਸਟਾਰਟਅੱਪਸ ਨੂੰ ਇਨਕਿਊਬੇਟ (ਨਵੀਨ ਲੋੜਾਂ ਅਨੁਸਾਰ ਤਿਆਰ) ਕੀਤਾ ਗਿਆ, 158 ਉਤਪਾਦਾਂ ਅਤੇ 171 ਪ੍ਰੋਟੋਟਾਈਪਸ ਦੇ ਵਿਕਾਸ ਵਿੱਚ ਸਹਾਇਤਾ ਕੀਤੀ ਗਈ, ਜਿਸ ਸਦਕਾ ਲਗਭਗ 2,700 ਨੌਕਰੀਆਂ ਪੈਦਾ ਹੋਈਆਂ। ਪਿਛਲੇ ਹੱਬ ਵਿੱਚੋਂ ਇਨਕਿਊਬੇਟ ਕੀਤੇ ਗਏ ਸਟਾਰਟਅੱਪਸ ਨੇ 251 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ ਹੈ, ਜਿਨ੍ਹਾਂ ਦੀ ਕੁੱਲ ਵੈਲਿਊ 2,890 ਕਰੋੜ ਰੁਪਏ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਲਈ 12 ਕਰੋੜ ਰੁਪਏ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ, ਜਦੋਂਕਿ ਐਸਟੀਪੀਆਈ ਵੱਲੋਂ 17 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਅਗਲੇ ਪੰਜ ਸਾਲਾਂ ਦੌਰਾਨ ਘੱਟੋ-ਘੱਟ 50 ਸਟਾਰਟਅੱਪਸ ਨੂੰ ਤਿਆਰ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਢਾਂਚਾਗਤ ਹੁਨਰ ਸਿਖਲਾਈ ਪ੍ਰੋਗਰਾਮਾਂ ਰਾਹੀਂ 2,000 ਪੇਸ਼ੇਵਰਾਂ ਨੂੰ ਸਿੱਖਿਅਤ ਕਰਨਾ ਹੈ। ਇਸ ਸਹੂਲਤ ਅਧੀਨ ਯੋਗ ਸਟਾਰਟਅੱਪਸ ਨੂੰ ਸੂਬੇ ਦੀ ਸਟਾਰਟਅੱਪ ਨੀਤੀ ਤਹਿਤ ਲਾਭ ਲੈਣ ਲਈ 'ਸਟਾਰਟਅੱਪ ਪੰਜਾਬ' ਅਧੀਨ ਰਜਿਸਟ੍ਰੇਸ਼ਨ ਵਾਸਤੇ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਿਊਰੋਨ 2.0 ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡਾਟਾ ਐਨਾਲਿਟਿਕਸ, ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਅਤੇ ਆਡੀਓ-ਵਿਜ਼ੂਅਲ ਗ੍ਰਾਫਿਕਸ ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਇੱਕ ਕੋਰ ਡੋਮੇਨ ਵਜੋਂ ਸ਼ਾਮਲ ਕੀਤਾ ਜਾਵੇਗਾ। ਇਸ ਹੱਬ ਵਿੱਚ ਉਤਪਾਦਾਂ ਦੇ ਵਿਕਾਸ ਅਤੇ ਪ੍ਰਯੋਗ ਕਰਨ ਲਈ ਉੱਨਤ ਸਹੂਲਤਾਂ ਵਾਲੀ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਸਥਾਪਿਤ ਕੀਤੀ ਜਾਵੇਗੀ। ਇਸ ਸਹੂਲਤ ਨੂੰ ਇੱਕ ਵਿਆਪਕ ਇਨੋਵੇਸ਼ਨ ਮੰਚ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ ਜੋ ਸਟਾਰਟਅੱਪ ਇਨਕਿਊਬੇਸ਼ਨ, ਮੈਂਟਰਿੰਗ, ਉੱਨਤ ਬੁਨਿਆਦੀ ਢਾਂਚਾ, ਹੁਨਰ ਵਿਕਾਸ, ਉਤਪਾਦਾਂ ਦੇ ਵਪਾਰੀਕਰਨ ਅਤੇ ਉਦਯੋਗਿਕ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ।
ਸ੍ਰੀ ਅਮਨ ਅਰੋੜਾ ਨੇ ਕਿਹਾ, "ਨਿਊਰੋਨ 2.0 ਲਈ ਐਸਟੀਪੀਆਈ ਨਾਲ ਇਹ ਸਾਂਝੇਦਾਰੀ ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਉੱਭਰ ਰਹੀਆਂ ਤਕਨਾਲੋਜੀਆਂ ਦਾ ਲਾਭ ਉਠਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮੌਜੂਦਾ ਖੇਤਰਾਂ ਵਿੱਚ ਸਾਈਬਰ ਸੁਰੱਖਿਆ ਨੂੰ ਜੋੜ ਕੇ, ਅਸੀਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਆਪਣੇ ਨੌਜਵਾਨਾਂ ਨੂੰ ਭਵਿੱਖ ਦੇ ਮੌਕਿਆਂ ਲਈ ਤਿਆਰ ਕਰ ਰਹੇ ਹਾਂ।"
ਉਨ੍ਹਾਂ ਦੱਸਿਆ ਕਿ ਐਸਟੀਪੀਆਈ ਇਸ ਸਹੂਲਤ ਦਾ ਸੰਚਾਲਨ ਅਤੇ ਪ੍ਰਬੰਧਨ ਕਰੇਗੀ, ਸਾਈਬਰ ਸੁਰੱਖਿਆ ਲੈਬ ਦਾ ਰੱਖ-ਰਖਾਅ ਕਰੇਗੀ ਅਤੇ ਆਊਟਰੀਚ ਪ੍ਰੋਗਰਾਮ, ਹੈਕਾਥੌਨ, ਬੂਟਕੈਂਪ ਅਤੇ ਇਨਵੈਸਟਰ-ਕੰਟੈਕਟ ਸਮਾਗਮਾਂ ਦਾ ਆਯੋਜਨ ਕਰੇਗੀ। ਸਕਿਲਿੰਗ ਪ੍ਰਕਿਰਿਆ ਵਿੱਚ ਫਾਊਂਡੇਸ਼ਨ, ਇੰਟਰਮੀਡੀਏਟ ਅਤੇ ਐਕਸਪਟ-ਲੈਵਲ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਸਟਾਰਟਅੱਪ ਪੰਜਾਬ ਸਟਾਰਟਅੱਪ ਆਊਟਰੀਚ, ਮੈਂਟਰਿੰਗ ਅਤੇ ਈਕੋਸਿਸਟਮ ਡਿਵੈਲਪਮੈਂਟ ਵਿੱਚ ਸਹਾਇਤਾ ਕਰੇਗਾ ਅਤੇ ਇਸ ਹੱਬ ਨੂੰ ਸਰਕਾਰੀ ਵਿਭਾਗਾਂ, ਵਿੱਦਿਅਕ ਅਦਾਰਿਆਂ ਅਤੇ ਉਦਯੋਗਿਕ ਸੰਸਥਾਵਾਂ ਨਾਲ ਜੋੜੇਗਾ। ਇਸਦੇ ਨਾਲ ਹੀ ਇੱਥੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ।
---------

About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead