March 28, 2026 03:40:10

ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ ਉੱਭਰ ਕੇ ਸਾਹਮਣੇ ਆਈ

Mar27,2026 | Abhi | Chandigarh

*— 21 ਜਨਵਰੀ ਤੋਂ ਹੈਲਪਲਾਈਨ 'ਤੇ 590 ਸੂਚਨਾਵਾਂ ਪ੍ਰਾਪਤ ਹੋਈਆਂ; 63 ਮਾਮਲਿਆਂ ਵਿੱਚ ਐਫ.ਆਈ.ਆਰ. ਦਰਜ ਹੋਈ: ਡੀਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ*
*— ਹਥਿਆਰਾਂ ਦੇ ਪ੍ਰਚਾਰ ਵਾਲੇ 643 ਸੋਸ਼ਲ ਮੀਡੀਆ ਪੇਜ ਬਲਾਕ ਕੀਤੇ; ਡੀਆਈਜੀ ਵੱਲੋਂ ਮਾਪਿਆਂ ਨੂੰ ਬੱਚਿਆਂ ਦੀਆਂ ਔਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੀ ਅਪੀਲ *
*— ਲੋਕਾਂ ਨੂੰ ਅਣਪਛਾਤੇ ਵਿਅਕਤੀਆਂ ਲਈ ਯੂਪੀਆਈ ਜਾਂ ਹੋਰ ਡਿਜੀਟਲ ਸਰੋਤਾਂ ਰਾਹੀਂ ਵਿੱਤੀ ਲੈਣ-ਦੇਣ ਤੋਂ ਪਰਹੇਜ਼ ਕਰਨ ਦੀ ਅਪੀਲ*
*— ਸੂਚਨਾ ਦੇਣ ਵਾਲਿਆਂ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ; ਲੋਕ ਕਿਸੇ ਵੀ ਸ਼ੱਕੀ ਜਾਂ ਸਮਾਜ ਵਿਰੋਧੀ ਗਤੀਵਿਧੀ ਬਾਰੇ ਗੁਪਤ ਤਰੀਕੇ ਨਾਲ ਕਰ ਸਕਦੇ ਹਨ ਰਿਪੋਰਟ*
*— ਅਪ੍ਰੈਲ 2022 ਤੋਂ ਪੰਜਾਬ ਵਿੱਚ 2868 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ; 2273 ਹਥਿਆਰ ਬਰਾਮਦ*

ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ 'ਤੇ ਪਹਿਰਾ ਦਿੰਦਿਆਂ "ਗੈਂਗਸਟਰਾਂ ਤੇ ਵਾਰ" ਮੁਹਿੰਮ ਨੇ ਐਂਟੀ-ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ ਅਤੇ 21 ਜਨਵਰੀ, 2026 ਨੂੰ ਇਸਦੀ ਸ਼ੁਰੂਆਤ ਤੋਂ ਬਾਅਦ ਆਮ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਪਹਿਲਕਦਮੀ ਦੀ ਸਫ਼ਲਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਗੁਰਮੀਤ ਸਿੰਘ ਚੌਹਾਨ ਨੇ ਅੱਜ ਇਥੇ ਦੱਸਿਆ ਕਿ ਇਸ ਹੈਲਪਲਾਈਨ 'ਤੇ ਹੁਣ ਤੱਕ ਕੁੱਲ 590 ਇਨਪੁਟਸ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 83 ਨਸ਼ਿਆਂ ਨਾਲ, 35 ਜਬਰੀ ਵਸੂਲੀ ਨਾਲ, 43 ਗੈਂਗਸਟਰਾਂ ਨਾਲ, 86 ਗੈਰ-ਕਾਨੂੰਨੀ ਹਥਿਆਰਾਂ ਨਾਲ, 74 ਨਿੱਜੀ ਦੁਸ਼ਮਣੀ ਨਾਲ, 13 ਡਕੈਤੀ/ਚੋਰੀ ਨਾਲ, 11 ਭਗੌੜੇ ਅਪਰਾਧੀਆਂ (ਪੀਓਜ਼)/ਭਗੌੜਿਆਂ ਨਾਲ ਅਤੇ ਦੋ ਇਮੀਗ੍ਰੇਸ਼ਨ ਧੋਖਾਧੜੀ ਨਾਲ ਸਬੰਧਤ ਹਨ, ਜਦੋਂ ਕਿ 97 ਮਾਮਲਿਆਂ ਨੂੰ ਹੋਰਨਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਸਬੰਧੀ ਸਫ਼ਲ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਜਿੱਥੇ ਲੋਕਾਂ ਦੇ ਸਹਿਯੋਗ ਨਾਲ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਅਪਰਾਧੀਆਂ ਨੂੰ ਫੜਨ ਵਿੱਚ ਮਦਦ ਮਿਲੀ, ਡੀਆਈਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਲੋਕਾਂ ਵੱਲੋਂ ਮਿਲੀਆਂ ਸੂਚਨਾਵਾਂ/ਸੂਹਾਂ ਦੇ ਚਲਦਿਆਂ 63 ਐਫਆਈਆਰ ਦਰਜ ਹੋਈਆਂ ਅਤੇ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 21 ਪ੍ਰੀਵੈਂਟਿਵ ਡਿਟੈਂਸ਼ਨ ਦੇ ਮਾਮਲੇ ਸ਼ਾਮਲ ਹਨ।
ਲੋਕਾਂ ਨੂੰ ਹੈਲਪਲਾਈਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਡੀਆਈਜੀ ਨੇ ਨਾਗਰਿਕਾਂ ਨੂੰ ਪੁਲਿਸ ਦੀਆਂ "ਅੱਖਾਂ ਅਤੇ ਕੰਨ" ਬਣ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕ ਇਸ ਹੈਲਪਲਾਈਨ 'ਤੇ ਸਿਰਫ਼ ਜਬਰੀ ਵਸੂਲੀ ਨਾਲ ਸਬੰਧਤ ਮਾਮਲਿਆਂ ਦੀ ਹੀ ਨਹੀਂ, ਸਗੋਂ ਕਿਸੇ ਵੀ ਸ਼ੱਕੀ ਗੈਂਗਸਟਰ, ਅਪਰਾਧੀ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਦੀ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਹਾ ਕਿ ਮੈਂ ਆਮ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਹਰ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਡੀਆਈਜੀ ਗੁਰਮੀਤ ਚੌਹਾਨ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਥੋੜ੍ਹੇ ਜਿਹੇ ਪੈਸਿਆਂ ਦਾ ਲਾਲਚ ਦੇ ਕੇ ਅਪਰਾਧ ਲਈ ਉਕਸਾਉਣ ਵਾਲੇ ਵਿਦੇਸ਼ਾਂ 'ਚ ਬੈਠੇ ਸਮਾਜ ਵਿਰੋਧੀ ਅਨਸਰਾਂ ਬਾਰੇ ਵੀ ਲੋਕਾਂ ਨੂੰ ਖ਼ਬਰਦਾਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਣਪਛਾਤੇ ਵਿਅਕਤੀਆਂ ਲਈ ਯੂਪੀਆਈ ਜਾਂ ਹੋਰ ਡਿਜੀਟਲ ਸਰੋਤਾਂ ਰਾਹੀਂ ਵਿੱਤੀ ਲੈਣ-ਦੇਣ ਤੋਂ ਪਰਹੇਜ਼ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਣਪਛਾਤੀਆਂ ਥਾਵਾਂ ਤੋਂ ਪੈਕੇਜ ਚੁੱਕਣ ਜਾਂ ਛੱਡਣ ਸਬੰਧੀ ਵੀ ਲੋਕਾਂ ਨੂੰ ਸਾਵਧਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਅਪਰਾਧੀ ਗੈਰ-ਕਾਨੂੰਨੀ ਗਤੀਵਿਧੀਆਂ ਲਈ ਹਥਿਆਰਾਂ ਦੀ ਖੇਪ ਡਿਲੀਵਰ ਕਰਨ ਵਾਸਤੇ "ਡੈੱਡ ਲੈਟਰ ਬਾਕਸ" ਦੀ ਵਰਤੋਂ ਕਰ ਰਹੇ ਹਨ।
ਅਪਰਾਧ ਦੇ ਡਿਜੀਟਲ ਈਕੋਸਿਸਟਮ 'ਤੇ ਕੀਤੀ ਗਈ ਸਖ਼ਤੀ ਬਾਰੇ ਦੱਸਦਿਆਂ ਡੀਆਈਜੀ ਨੇ ਕਿਹਾ ਕਿ ਏਜੀਟੀਐਫ ਵੱਲੋਂ ਸੋਸ਼ਲ ਮੀਡੀਆ 'ਤੇ ਸਮਾਜ ਵਿਰੋਧੀ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਹਥਿਆਰਾਂ ਜਾਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਾਲੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 643 ਪੇਜ ਬਲੌਕ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਪ੍ਰਤੀ ਚੌਕਸ ਰਹੇ ਕਿ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਕਿਸੇ ਵੀ ਤਰ੍ਹਾਂ ਗੁੰਮਰਾਹ ਨਾ ਹੋਣ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਪਹਿਲਾਂ ਹੀ ਵਿਦੇਸ਼ ਅਧਾਰਤ 61 ਵਿਦੇਸ਼ੀ ਗੈਂਗਸਟਰਾਂ ਦੀ ਪਛਾਣ ਕਰ ਚੁੱਕੀ ਹੈ। ਉਨ੍ਹਾਂ ਦੀ ਹਵਾਲਗੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰੀਡੀਸ਼ਨ ਸੈੱਲ (ਓਐਫਟੀਈਸੀ) ਸਥਾਪਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਅਪਰਾਧੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਨਾਗਰਿਕ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਬਾਰੇ ਗੁਪਤ ਰੂਪ ਵਿੱਚ ਜਾਣਕਾਰੀ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਸੂਬੇ ਵਿੱਚ ਅਪਰਾਧ ਨੂੰ ਰੋਕਣ ਲਈ ਗੁਪਤ ਸੂਚਨਾ ਪ੍ਰਦਾਨ ਕਰ ਸਕਦੇ ਹਨ।
ਏਜੀਟੀਐਫ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਡੀਆਈਜੀ ਗੁਰਮੀਤ ਚੌਹਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਅਪ੍ਰੈਲ 2022 ਤੋਂ ਹੁਣ ਤੱਕ ਰਾਜ ਭਰ ਵਿੱਚ 1,111 ਗੈਂਗਸਟਰ/ਅਪਰਾਧੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ 2,868 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 2273 ਹਥਿਆਰ, ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 656 ਵਾਹਨ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਗੈਂਗਸਟਰ ਸੱਭਿਆਚਾਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਖਾਤਮਾ ਕਰਨ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਦੀ ਅਗਵਾਈ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦਾ ਗਠਨ ਕੀਤਾ ਸੀ।

ਡੱਬੀ: ਏਜੀਟੀਐਫ ਵੱਲੋਂ ਕੀਤੀ ਕਾਰਵਾਈ (6 ਅਪ੍ਰੈਲ, 2022 ਤੋਂ 26 ਮਾਰਚ, 2026 ਤੱਕ)

ਪਰਦਾਫਾਸ਼ ਕੀਤੇ ਮਾਡਿਊਲ: 1111
ਗ੍ਰਿਫ਼ਤਾਰ ਕੀਤੇ ਗੈਂਗਸਟਰ/ਅਪਰਾਧੀ: 2868
ਹਥਿਆਰ ਬਰਾਮਦ: 2273
ਵਾਹਨ ਬਰਾਮਦ: 656

Anti-gangster-Helpline-93946-93946-Emerges-As-Huge-Success


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead