ਸੂਬਾ ਪੱਧਰ ‘ਤੇ ਚੱਲ ਰਹੀ ਡੇਂਗੂ ਵਿਰੁੱਧ ਮੁਹਿੰਮ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਤਹਿਤ ਅੱਜ ਲੁਧਿਆਣਾ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੀਂਹ ਨਾਲ ਪ੍ਰਭਾਵਿਤ ਅਤੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ। ਖ਼ਾਸ ਧਿਆਨ ਚੰਦਰ ਨਗਰ ਇਲਾਕੇ ‘ਤੇ ਕੇਂਦਰਿਤ ਰਿਹਾ ਜੋ ਕਿ ਬੁੱਢਾ ਨੱਲੇ ਦੇ ਨਾਲ ਲੱਗਦਾ ਹੈ। ਇੱਥੇ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕਤਰੀਆ ਨੇ ਖੁਦ ਟੀਮਾਂ ਦੀ ਅਗਵਾਈ ਕੀਤੀ ਅਤੇ ਘਰ-ਘਰ ਜਾ ਕੇ ਜਾਂਚ ਕੀਤੀ।
ਜਾਂਚ ਦੌਰਾਨ ਜਿੱਥੇ ਵੀ ਮੱਛਰਾਂ ਦਾ ਲਾਰਵਾ ਮਿਲਿਆ ਉਸਨੂੰ ਤੁਰੰਤ ਨਸ਼ਟ ਕਰ ਦਿੱਤਾ ਗਿਆ। ਨਾਲ ਹੀ ਲੋਕਾਂ ਨੂੰ ਜਾਗਰੂਕਤਾ ਗੱਲ-ਬਾਤ ਰਾਹੀਂ ਸਾਫ਼-ਸਫ਼ਾਈ, ਪਾਣੀ ਇਕੱਠਾ ਨਾ ਹੋਣ ਦੇ ਉਪਾਅ ਅਤੇ ਡੇਂਗੂ ਤੋਂ ਬਚਾਅ ਦੇ ਆਸਾਨ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਅੱਜ ਦੀ ਮੁਹਿੰਮ ਦੌਰਾਨ ਕੁੱਲ 428 ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿਨ੍ਹਾਂ ਨੇ 18,138 ਘਰਾਂ ਦੀ ਜਾਂਚ ਕੀਤੀ। ਕੁੱਲ 36,915 ਬਰਤਨ ਜਾਂਚੇ ਗਏ ਜਿਨ੍ਹਾਂ ਵਿੱਚੋਂ 99 ਘਰਾਂ ਅਤੇ 106 ਬਰਤਨਾਂ ਵਿੱਚ ਡੇਂਗੂ ਲਾਰਵਾ ਪਾਇਆ ਗਿਆ। ਇਹ ਸਾਰੇ ਬਰੀਡਿੰਗ ਸਥਾਨ ਤੁਰੰਤ ਨਸ਼ਟ ਕਰ ਦਿੱਤੇ ਗਏ।
ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕਤਰੀਆ ਨੇ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਖ਼ਾਤਮੇ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸਾਡੀਆਂ ਟੀਮਾਂ ਘਰ-ਘਰ ਪਹੁੰਚ ਰਹੀਆਂ ਹਨ ਅਤੇ ਮੱਛਰਾਂ ਦੇ ਬਰੀਡਿੰਗ ਸਥਾਨਾਂ ਨੂੰ ਤੁਰੰਤ ਨਸ਼ਟ ਕਰ ਰਹੀਆਂ ਹਨ। ਪਰ ਇਹ ਲੜਾਈ ਤਦੋਂ ਹੀ ਜਿੱਤੀ ਜਾ ਸਕਦੀ ਹੈ ਜਦੋਂ ਲੋਕ ਵੀ ਸਹਿਯੋਗ ਕਰਨ। ਹਰੇਕ ਵਾਸੀ ਆਪਣੇ ਆਸ-ਪਾਸ ਦੇ ਜਗ੍ਹਾ ਸਾਫ਼ ਰੱਖਣ ਅਤੇ ਰੁਕੇ ਪਾਣੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈਣ । ਡੇਂਗੂ ਤੋਂ ਬਚਾਅ ਸੰਭਵ ਹੈ ਜੇ ਅਸੀਂ ਸਭ ਜਾਗਰੂਕ ਰਹੀਏ ਅਤੇ ਆਪਣਾ ਫਰਜ ਨਿਭਾਈਏ।
ਇਸ ਮੁਹਿੰਮ ਵਿੱਚ ਡਾ. ਆਦਿਤਿਆ ਪ੍ਰਕਾਸ਼ ਸਿੰਗਲਾ (ਐਮ.ਓ.), ਰਜਿੰਦਰ ਸਿੰਘ (ਡਿਪਟੀ ਮਾਸ ਮੀਡੀਆ ਅਫਸਰ), ਸਤਿੰਦਰ ਸਿੰਘ (ਐਮ.ਪੀ.ਐਚ.ਐਸ.) ਅਤੇ ਅਮਨਜੋਤ ਮਹਿਰਾ ਵੀ ਮੌਜੂਦ ਸਨ ਅਤੇ ਲੋਕਾਂ ਨੂੰ ਡੇਂਗੂ ਵਿਰੁੱਧ ਸੁਰੱਖਿਆ ਸੰਦੇਸ਼ ਪਹੁੰਚਾਇਆ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਹਤ ਟੀਮਾਂ ਨਾਲ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇ ਯਤਨ ਕਰਨ, ਤਾਂ ਜੋ ਸ਼ਹਿਰ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ।
-har-Shukarvaar-Dengue-Te-Vaar-Health-Teams-Intensify-Drive-In-Rain-And-Flood-Affected-Areas
PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.
Meenu Galhotra (Editor)