March 28, 2026 03:43:19

ਭਗਵੰਤ ਮਾਨ ਸਰਕਾਰ ਦੀ ‘ਖੇਡ ਕ੍ਰਾਂਤੀ’ ਨੇ ਪੰਜਾਬ ਨੂੰ ਕੌਮਾਂਤਰੀ ਖੇਡ ਨਕਸ਼ੇ ’ਤੇ ਉਭਾਰਿਆ, ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਨਾਲ ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਪੰਜਾਬ

Mar24,2026 | Meenu Galhotra/Anupam | Chandigarh

*40 ਸਾਲਾਂ ਬਾਅਦ ਪੰਜਾਬ ਨੂੰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਵੀ ਮਿਲੀ-ਭਗਵੰਤ ਸਿੰਘ ਮਾਨ*
*ਮੋਹਾਲੀ ਅਤੇ ਜਲੰਧਰ ਵਿੱਚ ਅਕਤੂਬਰ-ਨਵੰਬਰ ਵਿੱਚ ਹੋਣਗੇ ਟੂਰਨਾਮੈਂਟ, ਭਾਰਤ ਸਮੇਤ ਛੇ ਟੀਮਾਂ ਹੋਣਗੀਆਂ ਸ਼ਾਮਲ-ਭਗਵੰਤ ਸਿੰਘ ਮਾਨ*
*ਮੇਜ਼ਬਾਨੀ ਮਿਲਣ ਨਾਲ ਪੰਜਾਬ ਨੂੰ ਦੇਸ਼ ਵਿੱਚ ਖੇਡਾਂ ਦੇ ਧੁਰੇ ਵਜੋਂ ਉਭਰਨ ਕਰਨ ਵਿੱਚ ਮਦਦ ਮਿਲੇਗੀ-ਭਗਵੰਤ ਸਿੰਘ ਮਾਨ*
*ਪੰਜਾਬ ਵਿੱਚ ਹਰ ਸਾਲ ਹਾਕੀ ਦਾ ਚਾਰ-ਦੇਸ਼ੀ ਟੂਰਨਾਮੈਂਟ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ-ਭਗਵੰਤ ਸਿੰਘ ਮਾਨ*
*ਹਾਕੀ ਵਿੱਚ ਸ਼ਾਨਦਾਰ ਪ੍ਰਾਪਤੀਆਂ ਹੋਣ ਦੇ ਬਾਵਜੂਦ ਪੰਜਾਬ ਨੂੰ ਪਹਿਲਾਂ ਕਦੇ ਵੀ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਮਿਲੀ-ਭਗਵੰਤ ਸਿੰਘ ਮਾਨ*
*ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਬਰਬਾਦ ਕਰ ਦਿੱਤਾ ਸੀ, ਅਸੀਂ ਇਸ ਨੂੰ ਮੁੜ ਪੱਟੜੀ ’ਤੇ ਲਿਆ ਰਹੇ ਹਾਂ-ਭਗਵੰਤ ਸਿੰਘ ਮਾਨ*
*ਖੇਡਾਂ ਲਈ 1791 ਕਰੋੜ ਰੁਪਏ ਦਾ ਬਜਟ ਰੱਖਣ ਵਾਲਾ ਦੇਸ਼ ਦਾ ਇਕਲੌਤਾ ਸੂਬਾ ਬਣਿਆ ਪੰਜਾਬ-ਭਗਵੰਤ ਸਿੰਘ ਮਾਨ*
*ਦੇਸ਼ ਵਿੱਚ ਪੰਜਾਬ ਪਹਿਲਾ ਸੂਬਾ ਜੋ ਓਲੰਪਿਕ ਦੀ ਤਿਆਰੀ ਲਈ ਖਿਡਾਰੀ ਨੂੰ 15 ਲੱਖ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦੇ ਰਿਹਾ-ਭਗਵੰਤ ਸਿੰਘ ਮਾਨ*
*ਪੈਰਾ-ਓਲੰਪਿਕ ਅਤੇ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਹਰੇਕ ਖਿਡਾਰੀ ਨੂੰ ਇਕ-ਇਕ ਕਰੋੜ ਰੁਪਏ ਦਾ ਇਨਾਮ ਦੇ ਰਹੀ ਹੈ ਸਰਕਾਰ-ਭਗਵੰਤ ਸਿੰਘ ਮਾਨ*
*‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ 3100 ਖੇਡ ਮੈਦਾਨ, 3000 ਜਿੰਮ ਅਤੇ 17 ਹਜ਼ਾਰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ-ਭਗਵੰਤ ਸਿੰਘ ਮਾਨ*


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ ਦੇ ਤਹਿਤ ਅੱਜ ਖੇਡ ਵਿਭਾਗ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ‘ਆਪ’ ਸਰਕਾਰ ਦੀ ਖੇਡ ਕ੍ਰਾਂਤੀ ਨਾਲ ਖੇਡ ਖੇਤਰ ਦੀ ਨੁਹਾਰ ਬਦਲਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਸਿੰਚਾਈ ਵਿਭਾਗ, ਸਿਹਤ ਵਿਭਾਗ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਿੱਚ ਵੱਡੇ ਸੁਧਾਰਾਂ ਦੀ ਅਗਲੀ ਯੋਜਨਾ ਦਾ ਜ਼ਿਕਰ ਕੀਤਾ। ਇਸ ਯੋਜਨਾ ਤਹਿਤ ਖੇਡ ਬਜਟ 350 ਕਰੋੜ ਰੁਪਏ ਤੋਂ ਵਧਾ ਕੇ 1791 ਕਰੋੜ ਰੁਪਏ ਕੀਤਾ, ਕੋਚਾਂ ਦੀ ਗਿਣਤੀ ਵਿੱਚ 500 ਤੋਂ ਵਧਾ ਕੇ 2458 ਕੀਤੀ ਅਤੇ ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਆਈ ਖੇਡਾਂ ਦੇ ਐਥਲੀਟਾਂ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਸ਼ਾਮਲ ਹੈ।
ਇਸ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਨੇ 3100 ਖੇਡ ਮੈਦਾਨਾਂ ਦੇ ਵਿਕਾਸ, 3000 ਜਿੰਮ, 17000 ਖੇਡ ਕਿੱਟਾਂ ਦੀ ਵੰਡ ਅਤੇ "ਖੇਡਾਂ ਵਤਨ ਪੰਜਾਬ ਦੀਆਂ" ਦੇ ਤੇਜ਼ੀ ਨਾਲ ਵਿਸਥਾਰ ਦਾ ਜ਼ਿਕਰ ਕੀਤਾ। ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਦੀ ਗਿਣਤੀ ਡੇਢ ਲੱਖ ਤੋਂ ਵਧ ਕੇ ਪੰਜ ਲੱਖ ਖਿਡਾਰੀਆਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਲ-ਨਾਲ 40 ਸਾਲਾਂ ਬਾਅਦ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-13 ਦੀ ਮੇਜ਼ਬਾਨੀ ਪ੍ਰਾਪਤ ਕੀਤੀ ਹੈ, ਜਿਸ ਨਾਲ ਸੂਬਾ, ਦੇਸ਼ ਵਿੱਚ ਖੇਡ ਧੁਰੇ ਵਜੋਂ ਉਭਰਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਏਸ਼ੀਅਨ ਖੇਡਾਂ 3-4 ਅਕਤੂਬਰ ਨੂੰ ਸਮਾਪਤ ਹੋਣਗੀਆਂ ਅਤੇ ਚੋਟੀ ਦੀਆਂ ਛੇ ਹਾਕੀ ਟੀਮਾਂ ਇਨ੍ਹਾਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣਗੀਆਂ। ਪਹਿਲੀ ਵਾਰ ਪੰਜਾਬ ਨੂੰ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ਦਾ ਮੌਕਾ ਮਿਲਿਆ ਹੈ ਅਤੇ ਇਹ ਕਦਮ ਖੇਡਾਂ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਹੈ।” ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ ਸੂਬੇ ਲਈ ਚਾਰ ਦੇਸ਼ੀ ਟੂਰਨਾਮੈਂਟ ਦੇ ਰੂਪ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜੋ ਸੂਬੇ ਵਿੱਚ ਹਾਕੀ ਨੂੰ ਵੱਡਾ ਹੁਲਾਰਾ ਦੇਵੇਗਾ।”
ਇਸ ਟੂਰਨਾਮੈਂਟ ਦੀ ਅਹਿਮੀਅਤ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਾਕੀ ਵਿੱਚ ਪੰਜਾਬੀਆਂ ਦੀ ਸਰਦਾਰੀ ਹੋਣ ਦੇ ਬਾਵਜੂਦ ਪੰਜਾਬ ਨੇ ਹੁਣ ਤੱਕ ਕਦੇ ਵੀ ਕਿਸੇ ਵੱਡੇ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕੀਤੀ। ਪਹਿਲੀ ਵਾਰ, ਪੰਜਾਬ ਅਕਤੂਬਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ ਅਤੇ ਇਹ ਏਸ਼ੀਆ ਦਾ ਸਭ ਤੋਂ ਵੱਕਾਰੀ ਹਾਕੀ ਟੂਰਨਾਮੈਂਟ ਹੈ।” ਉਨ੍ਹਾਂ ਅੱਗੇ ਕਿਹਾ, “ਹਾਕੀ ਮੈਚ ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਣਗੇ।”
ਮੁੱਖ ਮੰਤਰੀ ਨੇ ਬੈਡਮਿੰਟਨ ਚੈਂਪੀਅਨਸ਼ਿਪ ਦੀ ਵਾਪਸੀ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ, “40 ਸਾਲਾਂ ਬਾਅਦ ਸੂਬੇ ਨੂੰ ਜਲੰਧਰ ਵਿਖੇ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ। ਇਹ ਟੂਰਨਾਮੈਂਟ ਅੰਡਰ-13 ਵਰਗ ਲਈ ਹੋਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਸੂਬੇ ਨੂੰ ਸਮੁੱਚੇ ਵਿਕਾਸ ਤੇ ਖੇਡਾਂ ਲਈ ਹੁਲਾਰਾ ਮਿਲੇ।” ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਅੱਗੇ ਕਿਹਾ, “ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਲਈ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ।”
ਪੰਜਾਬ ਦੀ ਮਹਾਨ ਖੇਡ ਵਿਰਾਸਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ ਕਈ ਮਹਾਨ ਖਿਡਾਰੀ ਪੈਦਾ ਕੀਤੇ ਹਨ ਅਤੇ ਸੂਬੇ ਦਾ ਸਦੀਆਂ ਤੋਂ ਖੇਡਾਂ ਨਾਲ ਗਹਿਰਾ ਨਾਤਾ ਹੈ।” ਉਨ੍ਹਾਂ ਕਿਹਾ, “ਸਾਡੇ ਮਹਾਨ ਸਿੱਖ ਗੁਰੂਆਂ ਨੇ ਖੇਡਾਂ ਰਾਹੀਂ ਨਾ ਸਿਰਫ਼ ਅਧਿਆਤਮਿਕਤਾ ਸਗੋਂ ਸਰੀਰਕ ਤੰਦਰੁਸਤੀ ਨੂੰ ਵੀ ਉਤਸ਼ਾਹਿਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਸਰੀਰਕ ਤੰਦਰੁਸਤੀ ਲਈ ਮੱਲ ਅਖਾੜਾ ਕਾਇਮ ਕੀਤਾ ਅਤੇ ਗੁਰੂ ਸਾਹਿਬ ਜੀ ਆਪਣੀ ਦੇਖ-ਰੇਖ ਹੇਠ ਕਸਰਤ ਤੇ ਕੁਸ਼ਤੀਆਂ ਕਰਵਾਉਂਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਨੌਜਵਾਨਾਂ ਨੂੰ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿਚ ਮਾਹਿਰ ਕੀਤਾ।” ਉਨ੍ਹਾਂ ਕਿਹਾ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਦੀਆਂ ਹਰੇਕ ਪ੍ਰਕਾਰ ਦੀਆਂ ਖੇਡਾਂ ਅਤੇ ਯੁੱਧ-ਕਲਾਵਾਂ ਵਿਚ ਨਿਪੁੰਨ ਸਨ। ਅੱਜ ਵੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਹਰੇਕ ਸਾਲ ਹੋਲੇ-ਮਹੱਲੇ ਮੌਕੇ ਰਵਾਇਤੀ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੁੰਦਾ ਹੈ।”
ਆਧੁਨਿਕ ਖੇਡਾਂ ਵਿੱਚ ਪੰਜਾਬ ਦੇ ਯੋਗਦਾਨ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਭਾਰਤ ਦੀ ਆਸਟ੍ਰੇਲੀਆ ਟੂਰ ਟੀਮ ਦੇ ਕਪਤਾਨ ਹਾਰਦਿਕ ਸਿੰਘ, ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ, ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਪਲਪ੍ਰੀਤ ਸਿੰਘ ਬਰਾੜ, ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਰਹੇ ਗੁਰਪ੍ਰੀਤ ਸਿੰਘ ਸੰਧੂ ਅਤੇ ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਸਿੰਘ ਸਾਰੇ ਪੰਜਾਬ ਤੋਂ ਹਨ।” ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਖਿਡਾਰੀ ਸੂਬੇ ਅਤੇ ਦੇਸ਼ ਲਈ ਨਾਮਣਾ ਖੱਟ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਸਾਲ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਇਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ, ਜਿਸ ਵਿੱਚ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਵਰਗੀਆਂ ਖਿਡਾਰਨਾਂ ਸਨ।”
ਉਨ੍ਹਾਂ ਅੱਗੇ ਕਿਹਾ, “ਹਾਕੀ ਅਤੇ ਪੰਜਾਬ ਨੂੰ ਇਕੋ ਸਿੱਕੇ ਦੋ ਪਾਸੇ ਮੰਨਿਆ ਜਾਂਦਾ ਹੈ ਅਤੇ ਪੰਜਾਬੀ ਖਿਡਾਰੀਆਂ ਤੋਂ ਬਿਨਾਂ ਭਾਰਤੀ ਹਾਕੀ ਦੀ ਕਲਪਨਾ ਕਰਨਾ ਅਸੰਭਵ ਹੈ।” ਉਨ੍ਹਾਂ ਕਿਹਾ, “50 ਤੋਂ ਵੱਧ ਪੰਜਾਬੀ ਹਾਕੀ ਖਿਡਾਰੀਆਂ ਨੇ ਓਲੰਪਿਕ ਤਗਮੇ ਜਿੱਤੇ ਹਨ ਅਤੇ 10 ਪੰਜਾਬੀ ਖਿਡਾਰੀਆਂ ਨੇ ਓਲੰਪਿਕ ਹਾਕੀ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ।”
ਇਤਿਹਾਸਕ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਬਲਬੀਰ ਸਿੰਘ ਸੀਨੀਅਰ ਅਤੇ ਊਧਮ ਸਿੰਘ ਨੇ ਤਿੰਨ-ਤਿੰਨ ਓਲੰਪਿਕ ਸੋਨ ਤਗਮੇ ਜਿੱਤੇ ਅਤੇ ਅਜੀਤ ਪਾਲ ਸਿੰਘ ਇਕਲੌਤਾ ਖਿਡਾਰੀ ਹੈ ਜਿਸ ਦੀ ਕਪਤਾਨੀ ਵਿੱਚ 1975 ਵਿੱਚ ਭਾਰਤ ਨੇ ਹਾਕੀ ਵਿਸ਼ਵ ਕੱਪ ਜਿੱਤਿਆ।”
ਉਨ੍ਹਾਂ ਅੱਗੇ ਕਿਹਾ, “ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਹਰਚਰਨ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਵਰਗੇ ਮਹਾਨ ਖਿਡਾਰੀ ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ 20 ਤੋਂ ਵੱਧ ਓਲੰਪੀਅਨ ਪੈਦਾ ਕੀਤੇ ਹਨ।” ਉਨ੍ਹਾਂ ਅੱਗੇ ਕਿਹਾ, “ਟੋਕੀਓ ਓਲੰਪਿਕ 2021 ਵਿੱਚ ਭਾਰਤ ਨੇ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ, ਜਿਸ ਦੀ ਅਗਵਾਈ ਮਨਪ੍ਰੀਤ ਸਿੰਘ ਸਮੇਤ 9 ਪੰਜਾਬੀ ਖਿਡਾਰੀਆਂ ਨਾਲ ਕੀਤੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਪੈਰਿਸ ਓਲੰਪਿਕ-2024 ਵਿੱਚ 10 ਪੰਜਾਬੀ ਖਿਡਾਰੀਆਂ ਵਾਲੀ ਭਾਰਤੀ ਹਾਕੀ ਟੀਮ ਨੇ ਫਿਰ ਕਾਂਸੀ ਦਾ ਤਗਮਾ ਜਿੱਤਿਆ ਸੀ, ਉਦੋਂ ਹਰਮਨਪ੍ਰੀਤ ਸਿੰਘ ਕਪਤਾਨ ਸੀ ਅਤੇ ਟਾਪ ਸਕੋਰਰ ਵੀ ।”
ਆਗਾਮੀ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਭਾਰਤ, ਪਾਕਿਸਤਾਨ, ਦੱਖਣੀ ਕੋਰੀਆ, ਜਾਪਾਨ, ਮਲੇਸ਼ੀਆ ਅਤੇ ਚੀਨ ਦੀਆਂ ਟੀਮਾਂ ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਣਗੀਆਂ।” ਉਨ੍ਹਾਂ ਅੱਗੇ ਕਿਹਾ,“ਮੈਚਾਂ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ ਪ੍ਰਦਰਸ਼ਨ ਵਜੋਂ ਪੰਜਾਬ ਵੱਲੋਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਹੋਵੇਗੀ, ਜੋ ਨਾ ਕੇਵਲ ਦਿਲ ਟੁੰਬੇਗੀ ਸਗੋਂ ਨੌਜਵਾਨਾਂ ਨੂੰ ਹਾਕੀ ਵੱਲ ਵੀ ਪ੍ਰੇਰਿਤ ਕਰੇਗੀ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਡਾਂ ਨੂੰ ਹੁਲਾਰਾ ਦੇਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਪੇਸ਼ ਕੀਤੀ ਗਈ ਸੀ, ਜਿਸ ਤਹਿਤ ਓਲੰਪਿਕ ਦੀ ਤਿਆਰੀ ਲਈ 15 ਲੱਖ ਰੁਪਏ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਵਿਵਸਥਾ ਹੈ।”
ਉਨ੍ਹਾਂ ਅੱਗੇ ਕਿਹਾ, “2023 ਦੀਆਂ ਏਸ਼ੀਆਈ ਖੇਡਾਂ ਵਿੱਚ, ਪੰਜਾਬ ਦੇ ਐਥਲੀਟਾਂ ਨੇ 20 ਤਗਮੇ ਜਿੱਤੇ, ਜੋ ਕਿ ਇੱਕ ਇਤਿਹਾਸਕ ਰਿਕਾਰਡ ਹੈ।” ਉਨ੍ਹਾਂ ਅੱਗੇ ਕਿਹਾ, “ਓਲੰਪਿਕ ਦੇ ਕਾਂਸੀ ਤਮਗਾ ਜੇਤੂਆਂ (ਪੈਰਿਸ 2024) ਨੂੰ ਇਕ-ਇਕ ਕਰੋੜ ਰੁਪਏ ਦਿੱਤੇ ਗਏ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂਆਂ ਨੂੰ ਵੀ ਇਕ ਕਰੋੜ ਰੁਪਏ ਦੇ ਕੇ ਹੌਸਲਾ-ਅਫ਼ਜ਼ਾਈ ਕੀਤੀ ਗਈ।”
ਮੁੱਖ ਮੰਤਰੀ ਨੇ ਕਿਹਾ, “9 ਓਲੰਪਿਕ ਤਮਗਾ ਜੇਤੂਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ ਗਈਆਂ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 100 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ।” ਉਨ੍ਹਾਂ ਅੱਗੇ ਕਿਹਾ, “ਖੇਡਾਂ ਦੇ ਬਜਟ ਵਿੱਚ 2026-27 ਵਿੱਚ 1791 ਕਰੋੜ ਰੁਪਏ ਦਾ ਇਤਿਹਾਸਕ ਵਾਧਾ ਕੀਤਾ ਗਿਆ , ਜੋ ਕਿ 2023-24 ਵਿੱਚ ਸਿਰਫ 350 ਕਰੋੜ ਰੁਪਏ ਸੀ।” ਉਨ੍ਹਾਂ ਅੱਗੇ ਕਿਹਾ, “ਕੋਚਾਂ ਦੀ ਗਿਣਤੀ 500 ਤੋਂ ਵਧਾ ਕੇ 2458 ਕਰ ਦਿੱਤੀ ਗਈ ਹੈ ਅਤੇ 324 ਨਵੇਂ ਕੋਚ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 48 ਹੋਣਹਾਰ ਖਿਡਾਰੀਆਂ ਨੂੰ ਬਤੌਰ ਕੋਚ ਨਿਯੁਕਤ ਕੀਤਾ ਗਿਆ ਹੈ।’’”
ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਖੇਡਾਂ ਵਤਨ ਪੰਜਾਬ ਦੀਆਂ, ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਹਨ।” ਉਨ੍ਹਾਂ ਅੱਗੇ ਕਿਹਾ,“ਇਨ੍ਹਾਂ ਖੇਡਾਂ ਵਿੱਚ 14 ਤੋਂ 60 ਸਾਲ ਤੋਂ ਵੱਧ ਉਮਰ ਵਾਲੇ ਖਿਡਾਰੀਆਂ ਨੇ ਭਾਗ ਲਿਆ ਅਤੇ ਸਾਲ 2023-24 ਵਿੱਚ ਲਗਭਗ 3.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ, ਇਹ ਗਿਣਤੀ 2024-25 ਵਿੱਚ ਵੱਧ ਕੇ 5 ਲੱਖ ਤੱਕ ਜਾ ਪਹੁੰਚੀ ।” ਉਨ੍ਹਾਂ ਅੱਗੇ ਕਿਹਾ, “10,000 ਤਗਮਾ ਜੇਤੂਆਂ ਨੂੰ ਸਾਲਾਨਾ 10 ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਤਿੰਨ ਸਾਲਾਂ ਵਿੱਚ 97.3 ਕਰੋੜ ਰੁਪਏ ਖਰਚ ਕੀਤੇ ਗਏ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ,“ਖੇਡਾਂ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਭ ਤੋਂ ਅਸਰਦਾਰ ਤੇ ਕਾਰਗ਼ਰ ਹਥਿਆਰ ਹਨ, ਇਸੇ ਕਰਕੇ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ।”
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ 14 ਸਾਲਾਂ ਬਾਅਦ ਸਾਲ 2025 ਵਿੱਚ ਕਿਲਾ ਰਾਏਪੁਰ ਖੇਡ ਮੇਲੇ ਨੂੰ ਕਾਨੂੰਨ ਲਿਆ ਕੇ ਮੁੜ ਸੁਰਜੀਤ ਕੀਤਾ ਗਿਆ ਅਤੇ ਅਰਸੇ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਹੋਈਆਂ ।” ਉਨ੍ਹਾਂ ਕਿਹਾ, “ ਮਿੰਨੀ ਓਲੰਪਿਕ ਵਜੋਂ ਜਾਣੇ ਜਾਂਦੇ ਇਸ ਪੇਂਡੂ ਖੇਡ ਮੇਲੇ ਦੀ ਪੁਨਰ ਸੁਰਜੀਤੀ ਵੱਲ ਪਹਿਲਾਂ ਕਿਸੇ ਨੇ ਵੀ ਇੱਛਾ ਨਹੀਂ ਸੀ ਦਿਖਾਈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦੇ ਰਹੀ ਹੈ, ਜਿਸ ਵਿੱਚ 1350 ਕਰੋੜ ਰੁਪਏ ਦੀ ਲਾਗਤ ਨਾਲ 3100 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “101.8 ਕਰੋੜ ਦੀ ਲਾਗਤ ਨਾਲ 3000 ਜਿੰਮ ਅਤਿ- ਆਧੁਨਿਕ ਉਪਕਰਣਾਂ ਨਾਲ ਲੈਸ ਕੀਤੇ ਜਾ ਰਹੇ ਹਨ ਅਤੇ ਖਿਡਾਰੀਆਂ ਨੂੰ 50 ਕਰੋੜ ਰੁਪਏ ਦੀਆਂ 17000 ਖੇਡ ਕਿੱਟਾਂ ਵੰਡੀਆਂ ਗਈਆਂ ਹਨ।”
ਉਨ੍ਹਾਂ ਅੱਗੇ ਕਿਹਾ, “ਐਥਲੀਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ ਅਤੇ ਸਿਖਲਾਈ ਪ੍ਰਾਪਤ ਐਥਲੀਟਾਂ ਦੇ ਰੋਜ਼ਾਨਾ ਖੁਰਾਕ ਭੱਤੇ ਨੂੰ 240 ਰੁਪਏ ਤੋਂ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿੱਚ 13 ਸੈਂਟਰ ਆਫ਼ ਐਕਸੀਲੈਂਸ ਵਿੱਚ ਪੋਸ਼ਣ-ਅਧਾਰਤ ਮੀਨੂ ਸ਼ਾਮਲ ਹਨ।”
ਬੁਨਿਆਦੀ ਢਾਂਚੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੋਹਾਲੀ, ਬਠਿੰਡਾ ਅਤੇ ਲੁਧਿਆਣਾ ਵਿੱਚ ਹਾਕੀ ਐਸਟਰੋਟਰਫ ਨੂੰ ਬਦਲ ਦਿੱਤਾ ਗਿਆ ਹੈ ਅਤੇ ਮੋਹਾਲੀ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਾਇਆ ਗਿਆ ਹੈ ਜਿਸ ਉਪਰ 9 ਕਰੋੜ ਰੁਪਏ ਖਰਚੇ ਗਏ ਹਨ।” ਉਨ੍ਹਾਂ ਅੱਗੇ ਕਿਹਾ, “ਸਪੋਰਟਸ ਮੈਡੀਸਨ ਕਾਡਰ ਵਿੱਚ 113 ਅਸਾਮੀਆਂ ਸਿਰਜੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 92 ਭਰੀਆਂ ਗਈਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਬਠਿੰਡਾ ਸਮੇਤ ਵੱਡੇ ਸ਼ਹਿਰਾਂ ਵਿੱਚ ਡਾਕਟਰ ਅਤੇ ਫਿਜ਼ੀਓਥੈਰੇਪਿਸਟ ਤਾਇਨਾਤ ਕੀਤੇ ਗਏ ਹਨ।’’

Bhagwant-Mann-Govt-s-khed-Kranti-Drives-Sporting-Resurgence-In-Punjab-State-To-Host-First-ever-International-Hockey-Tournament-With-Hockey-Asian-Champions-Trophy


About Us


PunjabAMPM is an English, Hindi and Punjabi language news paper as well as web portal. Since its launch, PunjabAMPM has created a niche for itself for true and fast reporting among its readers in India.

Meenu Galhotra (Editor)

We are Social


Address


PunjabAMPM
House no 3, street no 1, New Aggar Nagar, behind mediways hospital, Ferozepur road Ludhiana 141001
Mobile: +91 98769 60522
Email: punjabampm0161@gmail.com

Copyright Punjab AMPM | 2023
Website by: Webhead